ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 5)

ਦਿਨ ਦੇ ਗਿਆਰ੍ਹਾਂ ਕੁ ਵਜੇ ਡਾਕਟਰ ਸ਼ਾਮ ਸੁੰਦਰ ਦੇ ਸਹਾਇਕ ਡਾਕਟਰ ਲਖਵਿੰਦਰ ਸਿੰਘ ਫ਼ਤਹਿਗੜ੍ਹ-ਕੋਰੋਟਾਣਾ ਦਾ ਬੱਧਨੀ ਕਲਾਂ ਤੋਂ ਫ਼ੋਨ ਆਇਆ। ਲਖਵਿੰਦਰ ਬੜਾ ਹੀ ਸਾਊ ਡਾਕਟਰ ਹੈ। ਉਹ ਮਾਂ ਦੇ ਹਾਲ ਬਾਰੇ ਪੁੱਛ ਰਿਹਾ ਸੀ।
-"ਹਾਲ ਚਾਲ ਤਾਂ ਬਾਈ ਜੀ ਓਹੋ ਜਿਆ ਈ ਐ-ਜਿਹੋ ਜਿਆ ਤੁਸੀਂ ਦੇਖਿਆ ਸੀ।" ਮੈਂ ਆਖਿਆ।
-"ਮੈਂ ਮਾਛੀਕਿਆਂ ਨੂੰ ਜਾ ਰਿਹਾ ਸੀ-ਜੇ ਕਹੋਂ ਤਾਂ ਆ ਕੇ ਮਾਂ ਨੂੰ ਦੇਖ ਜਾਵਾਂ?" ਉਸ ਨੇ ਪੁੱਛਿਆ।
-"ਜੀ ਸਦਕੇ ਆਓ ਡਾਕਟਰ ਸਾਹਿਬ-ਤੁਹਾਡਾ ਆਪਣਾ ਘਰ ਐ।"
ਖ਼ੈਰ, ਅੱਧੇ ਕੁ ਘੰਟੇ ਬਾਅਦ ਡਾਕਟਰ ਲਖਵਿੰਦਰ ਸਿੰਘ ਪਹੁੰਚ ਗਿਆ। ਮਾਂ ਦੀ ਹਾਲਤ ਬਾਰੇ ਗੱਲਾਂ-ਬਾਤਾਂ ਹੋਈਆਂ। ਮੈਂ ਉਸ ਨੂੰ ਬੇਨਤੀ ਭਰੇ ਲਹਿਜ਼ੇ ਵਿਚ ਆਖਿਆ, "ਡਾਕਟਰ ਸਾਹਿਬ, ਮਾਂ ਦੀ ਹਾਲਤ ਤਾਂ ਥੋਨੂੰ ਵੀ ਦਿਸੀ ਜਾਂਦੀ ਐ ਤੇ ਮੈਨੂੰ ਵੀ ਦਿਸੀ ਜਾਂਦੀ ਐ-ਕਿਰਪਾ ਕਰੇ ਜਾਇਜਾ ਲੈਣ ਤੋਂ ਬਾਅਦ-ਜਿਹੜੀ ਗੱਲ ਹੋਵੇ ਮੈਨੂੰ 'ਕੱਲੇ ਨੂੰ ਦੱਸਿਓ-ਬੁੜ੍ਹੀਆਂ ਨੂੰ ਬਹੁਤਾ ਪਤਾ ਨਾ ਲੱਗੇ-ਵਾਧੂ ਗਿੱਲਾ ਜਿਆ ਪੀਹਣ ਪਾ ਲੈਂਦੀਐਂ।" ਡਾਕਟਰ ਨੇ ਟਾਰਚ ਮੰਗਵਾ ਕੇ ਮਾਤਾ ਦੀਆਂ ਅੱਖਾਂ ਦਾ ਜਾਇਜਾ ਲਿਆ, ਨਬਜ਼ ਦੇਖੀ ਅਤੇ ਸਿਰ ਫੇਰ ਗਿਆ। ਅਸੀਂ ਮੁੜ ਬਾਹਰ ਵਾਲੇ ਕਮਰੇ ਵਿਚ ਆ ਗਏ।
-"ਕਿਵੇਂ ਲੱਗਦੈ ਡਾਕਟਰ ਸਾਹਿਬ?" ਮੈਂ ਡਰਦੇ-ਡਰਦੇ ਜਿਹੇ ਪੁੱਛਿਆ।
-"ਕੁੱਸਾ ਸਾਹਿਬ, ਗੱਲ ਐਨੀ ਐਂ-।" ਉਸ ਨੇ ਚਾਹ ਪੀਂਦਿਆਂ ਕਿਹਾ।
-"……।"
-"ਮਾਤਾ ਕੱਲ੍ਹ ਦੇ ਬਾਰ੍ਹਾਂ ਵਜਾਉਂਦੀ ਨ੍ਹੀ।" ਡਾਕਟਰ ਦੇ ਨਾਲ ਮੈਂ ਵੀ ਖ਼ਾਮੋਸ਼ੀ ਧਾਰ ਗਿਆ।
ਸਾਰੀ ਰਾਤ ਲੰਘ ਗਈ। ਸਵੇਰ ਦੀ ਹੀ ਮੇਰੇ ਮਨ ਨੂੰ ਕੋਈ ਅੱਚਵੀ ਜਿਹੀ ਲੱਗੀ ਹੋਈ ਸੀ। ਮੈਂ ਵਿਹੜੇ ਵਿਚ ਬੜਾ ਹੀ ਬੇਚੈਨ ਫਿਰ ਰਿਹਾ ਸੀ। ਸਵੇਰੇ ਸਵਾ ਸੱਤ ਕੁ ਵਜੇ ਮਾਤਾ ਦੀ ਹਾਲਤ ਖਰਾਬ ਹੋ ਗਈ। ਸਾਹ ਰੁਕ-ਰੁਕ ਕੇ ਜਿਹੇ ਆਉਣਾ ਸ਼ੁਰੂ ਹੋ ਗਿਆ। ਮੈਂ ਮਾਂ ਦੇ ਸਿਰ ਹੇਠ ਆਪਣਾ ਸੱਜਾ ਗੋਡਾ ਦੇ ਕੇ ਬੈਠ ਗਿਆ ਅਤੇ ਆਪਣੀ ਘਰਾਂ 'ਚੋਂ ਲੱਗਦੀ ਭਤੀਜੀ ਗਗਨ ਨੂੰ ਪਾਠ ਕਰਨ ਲਈ ਕਿਹਾ। ਗਗਨ ਨੇ ਮਾਂ ਦੇ ਸਿਰਹਾਣੇ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਮਾਂ ਦੇ ਮੂੰਹ ਵਿਚ ਗੰਗਾ ਜਲ ਅਤੇ ਹਜੂਰ ਸਾਹਿਬ ਤੋਂ ਲਿਆਂਦਾ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਿਰਫ਼ ਇਕ-ਇਕ ਤੁਪਕਾ ਹੀ ਅੰਦਰ ਜਾਂਦਾ ਸੀ। ਭੈਣਾਂ ਅਤੇ ਪਿੰਡ ਦੀਆਂ ਹੋਰ ਔਰਤਾਂ ਮੰਜੇ ਦੁਆਲੇ ਘੇਰਾ ਘੱਤੀ ਖੜ੍ਹੀਆਂ ਸਨ। ਬੰਦੇ ਬਾਹਰ ਵਰਾਂਡੇ ਤੋਂ ਬਾਹਰ ਸਨ। ਸਭ ਨੇ ਰੱਬ ਦੀ ਰਜ਼ਾ ਵਿਚ ਹੱਥ ਜੋੜੇ ਹੋਏ ਸਨ। ਪਾਠ ਸੰਪੂਰਨ ਹੋਇਆ, ਜਲ ਦਾ ਤੀਜਾ ਤੁਪਕਾ ਅੰਦਰ ਲੰਘ ਗਿਆ, ਮਾਂ ਨੇ ਮੈਨੂੰ ਇਕ ਵਾਰ ਅੱਖਾਂ ਖੋਲ੍ਹ ਕੇ ਦੇਖਿਆ ਅਤੇ ਅੱਖਾਂ ਫਿਰ ਬੰਦ ਹੋ ਗਈਆਂ……।
ਮੈਂ ਜਲ ਵਾਲੀ ਕੌਲੀ ਅਤੇ ਚਮਚਾ ਇਕ ਪਾਸੇ ਮੇਜ਼ 'ਤੇ ਰੱਖ ਦਿੱਤੇ ਅਤੇ ਖੜ੍ਹੀਆਂ ਬੁੜ੍ਹੀਆਂ ਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰ ਦਿੱਤਾ। ਭਰੇ ਗਲ ਕਾਰਨ ਮੈਥੋਂ ਬੋਲਿਆ ਨਹੀਂ ਜਾ ਰਿਹਾ ਸੀ। ਮੇਰੇ ਚੁੱਪ ਹੰਝੂ 'ਤਰਿੱਪ-ਤਰਿੱਪ' ਮਾਂ ਦੇ ਮੱਥੇ 'ਤੇ ਡੁੱਲ੍ਹਣ ਲੱਗੇ ਤਾਂ ਮੈਂ ਮਾਂ ਦੇ ਮੂੰਹ 'ਤੇ ਕੱਪੜਾ ਦੇ ਦਿੱਤਾ ਅਤੇ ਕਾਫ਼ੀ ਦੇਰ ਉਸੀ ਹਾਲਤ ਵਿਚ ਮਾਂ ਦੇ ਸਿਰ ਹੇਠ ਗੋਡਾ ਦੇ ਕੇ ਹੀ ਬੈਠਾ ਰਿਹਾ। ਬੋਲਣ ਦੀ ਮੇਰੇ ਵਿਚ ਸਮਰੱਥਾ ਨਹੀਂ ਸੀ। ਹੰਝੂ ਮੇਰੇ ਨਿਰੰਤਰ ਵਗੀ ਜਾ ਰਹੇ ਸਨ। ਪਰ ਮਾਂ ਅਡੋਲ, ਅਹਿਲ ਪਈ ਸੀ। ਪੁੱਤ ਦੇ ਮਾੜੀ ਜਿਹੀ ਸੱਟ ਵੱਜਣ 'ਤੇ ਸਿਰਤੋੜ ਭੱਜੀ ਆਉਣ ਵਾਲੀ ਮਾਂ ਇਕਲੌਤੇ ਪੁੱਤ ਤੋਂ ਬੇਮੁੱਖ ਹੋਈ ਪਈ ਸੀ। ਮੇਰੇ ਦਿਲ ਵਿਚ ਪਤਾ ਨਹੀਂ ਕੀ ਉਤਰਾਅ-ਚੜ੍ਹਾਅ ਆ ਰਹੇ ਸਨ।
ਜਿੱਦੇਂ ਦੀ ਮਾਂ ਹਸਪਤਾਲ ਤੋਂ ਘਰ ਲੈ ਕੇ ਆਂਦੀ ਸੀ, ਮੇਰਾ ਘਰ ਵਿਚ ਇਹ ਐਲਾਨ ਸੀ ਕਿ ਭਾਣਾ ਵਰਤਣ 'ਤੇ ਮੇਰੀ ਮਾਂ ਨੂੰ ਕੋਈ ਰੋਵੇ ਨਾ, ਕੋਈ ਕੀਰਨਾਂ ਨਾ ਪਾਵੇ ਅਤੇ ਕੋਈ ਪਿੱਟ ਸਿਆਪਾ ਨਾ ਕਰੇ। ਖ਼ੈਰ ਕੁੜੀਆਂ ਨੇ ਵੀ ਮਨ ਨੂੰ ਪੂਰਾ ਜਾਬਤਾ ਮਾਰ ਕੇ ਰੱਖਿਆ ਹੋਇਆ ਸੀ। ਉਹ ਮੰਜੇ ਦੁਆਲੇ ਬੈਠੀਆਂ ਮਾਂ ਨੂੰ ਮੇਰੇ ਵਾਂਗ ਹੀ ਚੁੱਪ ਚਾਪ ਰੋਈ ਜਾ ਰਹੀਆਂ ਸਨ। ਇੱਥੇ ਕੋਈ ਵੱਸ ਵੀ ਨਹੀਂ ਸੀ। ਵਿਛੜੀ ਮਾਂ ਦਾ ਮੋਹ ਆਉਣਾ ਕੁਦਰਤੀ ਗੱਲ ਸੀ। ਵੈਰਾਗ ਵਿਚ ਰੋਣ ਆਉਣਾ ਵੀ ਲਾਜ਼ਮੀ ਸੀ। ਮਾਂ ਦੀ ਦੇਹ ਵਾਲਾ ਮੰਜਾ ਅਸੀਂ ਵਰਾਂਡੇ ਦੇ ਇਕ ਪਾਸੇ ਕਰ ਦਿੱਤਾ, ਤਾਂ ਕਿ ਬੀਬੀਆਂ ਨੂੰ ਬੈਠਣ ਵਾਸਤੇ ਜਗ੍ਹਾ ਬਣ ਜਾਵੇ। ਬੰਦੇ ਸਾਰੇ ਬਾਹਰ ਵਰਾਂਡੇ ਵਿਚ ਬੈਠੇ ਸਨ। ਰਿਸ਼ਤੇਦਾਰਾਂ-ਮਿੱਤਰਾਂ ਨੂੰ ਫ਼ੋਨ ਕਰ ਦਿੱਤੇ। ਦੋ ਵਜੇ ਸਸਕਾਰ ਦਾ ਸਮਾਂ ਦਿੱਤਾ ਗਿਆ।
ਬੁੜ੍ਹੀਆਂ ਵਰਾਂਡੇ ਵਿਚ ਉਨਾਂ ਚਿਰ ਚੁੱਪ ਚਾਪ ਸ਼ਾਂਤਮਈ, ਮਾਈ ਦੀ ਮ੍ਰਿਤਕ ਦੇਹ ਦੁਆਲੇ ਬੈਠੀਆਂ ਰਹੀਆਂ, ਜਿੰਨਾਂ ਚਿਰ ਇਕ ਚੰਗੀ ਭਲੀ ਤੁਰੀ ਆਉਂਦੀ ਪਿੰਡ ਦੀ ਬਿਰਧ ਮਾਈ ਨੇ ਵਿਹੜੇ ਵਿਚ ਆ ਕੇ ਹੇਕ ਨਹੀਂ ਲਾ ਦਿੱਤੀ, "ਨ੍ਹੀ ਤੂੰ ਤਾਂ ਛੱਡ ਕੇ ਤੁਰਗੀ ਭੈਣੇਂ…!" ਬੱਸ, ਉਸ ਦੇ ਉਚੀ ਹੇਕ ਲਾਉਣ ਦੀ ਦੇਰ ਸੀ ਕਿ ਸਾਰੀਆਂ ਬੁੜ੍ਹੀਆਂ ਨੂੰ ਇਕ ਤਰ੍ਹਾਂ ਨਾਲ ਹਲ਼ਕ ਛੁੱਟ ਪਿਆ। ਸਾਰੀਆਂ ਨੇ ਗਧੇ ਨੂੰ ਹੀਂਗਣਾਂ ਛੁੱਟਣ ਵਾਂਗ ਵੱਖੋ-ਵੱਖਰੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ, …ਤੂੰ ਅਣਖੀ ਭਰਾਵਾਂ ਦੀਏ ਭੈਣੇ…, ਨ੍ਹੀ ਮੈਨੂੰ ਰੱਖਣ ਵਾਲੀਏ ਅੰਮੜੀਏ…!
ਮੇਰਾ ਦਿਲ ਕਾਹਲਾ ਪੈਣ ਲੱਗ ਪਿਆ ਕਿ ਜਿਹੜੀ ਗੱਲ ਤੋਂ ਮੈਂ ਰੋਕਿਆ ਸੀ, ਇਹ ਤਾਂ ਉਹੀ ਹੋਣ ਲੱਗ ਪਈ। ਉਹਨਾਂ ਨੂੰ ਤਾਂ ਸ਼ਾਇਦ ਇਹ ਸੀ ਕਿ ਜਦੋਂ ਇਕ ਨੇ ਰਾਗ ਅਲਾਪ ਦਿੱਤਾ, ਅਸੀਂ ਕਾਹਤੋਂ ਪਿੱਛੇ ਰਹੀਏ? ਸਾਡੀ ਤਾਂ ਹੇਠੀ ਹੋ ਜਾਵੇਗੀ! ਬੁੜ੍ਹੀਆਂ 'ਚ ਜਾ ਕੇ ਉਹਨਾਂ ਨੂੰ ਰੋਕੇ ਕਿਹੜਾ? ਮਕਾਣ ਆਈਆਂ ਬੁੜ੍ਹੀਆਂ ਭਰਿੰਡਾਂ ਨਾਲੋਂ ਭੈੜ੍ਹੀਆਂ ਹੁੰਦੀਐਂ। ਮੈਨੂੰ ਇਕ ਗੱਲ ਦੀ ਹੁਣ ਤੱਕ ਸਮਝ ਨਹੀਂ ਆਈ ਕਿ ਜਦ ਸਾਡਾ ਮਨ ਕਿਸੇ ਦੇ ਵੈਰਾਗ ਵਿਚ ਭਰਦਾ ਹੈ ਤਾਂ ਗਲ਼ ਰੁਕ ਜਾਂਦਾ ਹੈ, ਸਾਥੋਂ ਗੱਲ ਨਹੀਂ ਹੁੰਦੀ। ਪਰ ਬੁੜ੍ਹੀਆਂ ਰੋ ਕੇ ਵੈਣ ਕਿਵੇਂ ਪਾ ਲੈਂਦੀਆਂ ਹਨ? ਖ਼ੈਰ, ਮੈਂ ਗਾਇਕ ਗੁਰਦੀਪ ਨੂੰ ਆਖਿਆ ਕਿ ਬੁੜ੍ਹੀਆਂ ਨੂੰ ਆਖੇ ਕਿ ਮਾਈ ਨੂੰ ਜਲਦੀ ਇਸ਼ਨਾਨ ਕਰਵਾਉਣ, ਤਾਂ ਕਿ ਸਸਕਾਰ ਕੀਤਾ ਜਾ ਸਕੇ। ਜਿਹੜੇ ਰਿਸ਼ਤੇਦਾਰ ਅਜੇ ਨਹੀਂ ਪਹੁੰਚੇ, ਸਿੱਧੇ ਸ਼ਮਸ਼ਾਨਘਾਟ ਨੂੰ ਆ ਜਾਣਗੇ। ਅਸੀਂ ਸਿਰਫ਼ ਮੇਰੇ ਸਹੁਰਿਆਂ ਅਤੇ ਬਾਈ ਬਲਦੇਵ ਹੋਰਾਂ ਦੀ ਉਡੀਕ ਵਿਚ ਹੀ ਬੈਠੇ ਸਾਂ। ਬਾਕੀ ਸਾਰੇ ਰਿਸ਼ੇਤਦਾਰ ਅਤੇ ਮਿੱਤਰ ਪਹੁੰਚ ਚੁੱਕੇ ਸਨ। ਪਰ ਜਦੋਂ ਬੁੜ੍ਹੀਆਂ ਦਾ 'ਬੂ-ਕਲਾਪ' ਵਧਣ ਲੱਗਿਆ ਤਾਂ ਮੈਂ ਸਸਕਾਰ ਲਈ ਕਾਹਲੀ ਕਰਨੀ ਸ਼ੁਰੂ ਕਰ ਦਿੱਤੀ।
ਇਸ਼ਨਾਨ ਕਰਵਾ ਕੇ ਜਦੋਂ ਮਾਤਾ ਦੀ ਦੇਹ ਵਿਹੜੇ ਵਿਚ ਦਰਸ਼ਣਾਂ ਲਈ ਰੱਖੀ ਗਈ ਤਾਂ ਅਰਥੀ ਚੁੱਕਣ ਤੋਂ ਪਹਿਲਾਂ ਮੇਰੇ ਦਿਲ ਵਿਚ ਝੋਕਾ ਜਿਹਾ ਫਿਰ ਗਿਆ ਕਿ ਮੇਰੀ ਮਾਂ ਦੀ ਆਹ ਸ਼ਕਲ ਹੁਣ ਜਿ਼ਦਗੀ ਭਰ ਦੇਖਣ ਨੂੰ ਨਹੀਂ ਮਿਲੇਗੀ। ਇਹ ਜ਼ਾਹਿਰਾ ਤੌਰ 'ਤੇ ਮੈਨੂੰ ਜੱਗ ਦਿਖਾਉਣ ਵਾਲੀ ਮਾਂ ਦੇ ਅੰਤਿਮ ਦਰਸ਼ਨ ਸਨ। ਮੈਂ ਮਾਂ ਦੇ ਚਰਨਾਂ 'ਤੇ ਸਿਜ਼ਦਾ ਕੀਤਾ। ਮੈਂ, ਚਾਚੇ ਦਾ ਮੁੰਡਾ ਬਿੰਦਰ, ਚਾਚਾ ਮੋਹਣ ਅਤੇ ਬਿੰਦਾ ਕਾਨ੍ਹੀਂ ਲੱਗੇ। ਪਿੰਡ ਦੇ ਗੁਰਦੁਆਰੇ ਕੋਲ ਆ ਕੇ ਮਾਂ ਦੀ ਅਰਥੀ ਫਿਰ ਦਰਸ਼ਣਾਂ ਲਈ ਰੱਖੀ ਗਈ ਅਤੇ ਉਥੇ ਮੈਂ ਮਾਂ ਆਪਣੀ ਦੇ ਰੱਜ ਕੇ ਆਖਰੀ ਦਰਸ਼ਣ ਕੀਤੇ ਅਤੇ ਅਰਥੀ ਫਿਰ ਚੁੱਕ ਲਈ। ਹੰਝੂ ਮੇਰੇ 'ਧਰਲ਼-ਧਰਲ਼' ਵਗੀ ਜਾ ਰਹੇ ਸਨ। ਸਾਡੇ ਸ਼ਮਸ਼ਾਨਘਾਟ ਪਹੁੰਚਣ ਤੱਕ ਬਾਕੀ ਰਿਸ਼ਤੇਦਾਰ ਵੀ ਪਹੁੰਚ ਚੁੱਕੇ ਸਨ।
ਗੁਰਦੁਆਰੇ ਦੇ ਗ੍ਰੰਥੀ ਸਿੰਘ ਨੇ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਅਰਦਾਸ ਕੀਤੀ ਅਤੇ ਅਸੀਂ ਦੁਪਿਹਰ ਦੋ ਵਜੇ ਅਰਥੀ ਨੂੰ 'ਦਾਗ਼' ਦੇ ਦਿੱਤਾ। ਰੀਤ ਅਨੁਸਾਰ ਅਰਥੀ ਨੂੰ ਦਾਗ ਪੁੱਤਰ ਨੇ ਹੀ ਦੇਣਾ ਸੀ, ਸੋ ਮੈਂ ਦਿੱਤਾ ਅਤੇ ਫਿਰ ਗੁਰਦੁਆਰਾ ਸਾਹਿਬ ਆ ਗਏ। ਗ੍ਰੰਥੀ ਸਿੰਘ ਨੇ ਪਾਠ ਕੀਤਾ ਅਤੇ ਮਾਤਾ ਦੀ ਨਮਿੱਤ ਅਕਾਲ ਪੁਰਖ਼ ਅੱਗੇ ਅਰਦਾਸ ਕੀਤੀ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਐਲਾਨ ਕੀਤਾ, "ਭਾਈ ਮਕਾਣਾਂ ਆਉਣ 'ਤੇ ਮਨਾਹੀ ਹੈ, ਅੱਜ 13 ਮਾਰਚ ਦਿਨ ਸੋਮਵਾਰ ਹੈ ਅਤੇ ਪਰਸੋਂ 15 ਮਾਰਚ ਨੂੰ ਮਾਤਾ ਗੁਰਨਾਮ ਕੌਰ ਜੀ ਦੇ ਨਮਿੱਤ ਸਹਿਜ ਪਾਠ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ 22 ਮਾਰਚ ਦਿਨ ਬੁੱਧਵਾਰ ਨੂੰ ਭੋਗ ਪਾਏ ਜਾਣਗੇ, ਸੋ ਭਾਈ ਦੁਬਾਰਾ ਫਿਰ ਬੇਨਤੀ ਹੈ ਕਿ ਮਕਾਣਾਂ ਆਉਣ 'ਤੇ ਮਨਾਹੀ ਹੈ।" ਸਾਡੇ ਪਿੰਡ ਵਿਚ ਪੰਚਾਇਤ ਵੱਲੋਂ ਮਕਾਣਾਂ ਆਉਣ ਅਤੇ ਜਾਣ 'ਤੇ ਪਾਬੰਦੀ ਲਾਈ ਹੋਈ ਹੈ, ਆਨੰਦ ਕਾਰਜ ਗੁਰਦੁਆਰੇ ਵਿਚ ਹੁੰਦੇ ਹਨ, ਕਈ ਹੋਰ ਸੁਧਾਰ ਪਿੰਡ ਵਿਚ ਹੋਏ ਅਤੇ ਕੁਝ ਬੜੀ ਜਲਦੀ ਹੋਣ ਵਾਲੇ ਹਨ, ਇਸ ਲਈ ਕੁੱਸੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ। ਇਹ ਸਿਰਫ਼ ਕੁੱਸੇ ਪਿੰਡ ਦੀ ਹੀ ਨਹੀਂ, ਸਾਰੇ ਪੰਜਾਬ ਦੇ ਪਿੰਡਾਂ ਦੀ ਜ਼ਰੂਰਤ ਹੈ। ਇਹ ਵਾਧੂ ਖ਼ਰਚੇ ਬੰਦ ਹੋ ਜਾਣ ਤਾਂ ਪੰਜਾਬ ਦੇ ਲੋਕ ਸੁਰਖ਼ਰੂ ਹੋ ਜਾਣ!
15 ਮਾਰਚ ਨੂੰ ਸਵੇਰੇ ਫੁੱਲ ਚੁਗੇ ਗਏ ਅਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਖੜ੍ਹੇ ਦਰੱਖਤ ਨਾਲ ਟੰਗ ਦਿੱਤੇ। ਉਸ ਦਿਨ ਹੀ ਘਰੇ ਸਹਿਜ ਪਾਠ ਦਾ ਪ੍ਰਕਾਸ਼ ਹੋਇਆ। ਪਾਠ ਪ੍ਰਕਾਸ਼ ਕਰਨ ਤੋਂ ਬਾਅਦ ਅਸੀਂ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਤੁਰਨਾ ਸੀ। ਫੁੱਲ ਚੁਗਣ ਤੋਂ ਪਹਿਲਾਂ ਬੁੜ੍ਹੀਆਂ ਨੇ ਫਿਰ ਆਪਣਾ ਘਰਾਟ-ਰਾਗ ਸ਼ੁਰੂ ਕਰ ਲਿਆ ਸੀ, ਫੁੱਲਾਂ ਵਾਲੀ ਗੁਥਲੀ ਲਾਲ ਰੰਗ ਦੀ ਹੋਣੀ ਚਾਹੀਦੀ ਐ ਜੀ, ਕੋਈ ਆਖੇ ਨਹੀਂ ਗੁਰਨਾਮ ਕੌਰ ਬਿਰਧ ਸੀ, ਗੁਥਲੀ ਚਿੱਟੇ ਰੰਗ ਦੀ ਹੋਣੀ ਚਾਹੀਦੀ ਐ। ਮੈਂ ਦਰਜੀ ਨੂੰ ਕਿਹਾ ਜਿਹੜੇ ਮਰਜ਼ੀ ਰੰਗ ਦੀ ਹੋਵੇ, ਵੀਰ ਬਣਕੇ ਗੁਥਲੀ ਸਿਉਂ ਦੇ! ਉਸ ਨੇ ਲਾਲ ਰੰਗ ਦੀ ਗੁਥਲੀ ਸਿਉਂ ਦਿੱਤੀ।
ਸੋ ਇਕ ਕੁ ਵਜੇ ਅਸੀਂ ਗੱਡੀ ਲੈ ਕੇ ਗੁਰਦੁਆਰਾ ਸਾਹਿਬ ਦੇ ਦਰਖ਼ਤ ਤੋਂ ਫੁੱਲ ਉਤਾਰ ਲਿਆਂਦੇ ਅਤੇ ਘਰ ਦੇ ਅੱਗੇ ਲੈ ਆਏ। ਸਾਰਿਆਂ ਨੇ ਫੁੱਲਾਂ ਨੂੰ ਨਮਸਕਾਰ ਕੀਤੀ ਅਤੇ 'ਤਿਲ-ਫ਼ੁੱਲ' ਭੇਂਟ ਕੀਤਾ। ਵੱਡੀ ਭੈਣ ਨੇ ਮੈਨੂੰ ਨਸੀਹਤਾਂ ਦਿੱਤੀਆਂ, "ਵੀਰੇ, ਜਿੱਥੇ ਵੀ ਖੜ੍ਹਨੈਂ-ਕਹਿਣੈਂ, ਮਾਂ ਕਿਰਾਇਆ ਮੈਂ ਦੇ ਦਿੱਤੈ-ਆ ਕੀਰਤਪੁਰ ਸਾਹਿਬ ਚੱਲੀਏ-ਜਿੱਥੇ ਰੋਟੀ ਖਾਵੋਂ ਜਾਂ ਚਾਹ ਪੀਵੋਂ-ਉਥੇ ਮਾਂ ਦਾ ਗਿਲਾਸ ਜਾਂ ਥਾਲੀ ਨਾਲ ਰਖਵਾਉਣੀ ਐਂ-ਕਹਿਣੈਂ ਮਾਂ ਆ ਰੋਟੀ ਖਾ ਲੈ ਜਾਂ ਮਾਂ ਆ ਚਾਹ ਪੀ ਲੈ…।" ਨਾਲ ਮੈਨੂੰ ਇਕ ਪਰਨਾਂ ਫੜਾ ਦਿੱਤਾ ਕਿ ਜਿੱਥੇ ਉਤਰੋਂ, ਉਥੋਂ ਫਿਰ ਅੱਗੇ ਚੜ੍ਹਨ ਲਈ ਲੜ ਲਮਕਾ ਕੇ ਇਹੀ ਆਖਣੈਂ, "ਆ ਮਾਂ ਕੀਰਤਪੁਰ ਸਾਹਿਬ ਚੱਲੀਏ!" ਭੈਣਾਂ ਨੇ ਮੈਨੂੰ ਇਹ ਹਦਾਇਤ ਵੀ ਕੀਤੀ ਕਿ ਇਹ ਜਿਹੜਾ ਸੂਟ ਨਾਲ ਦਿੱਤਾ ਹੈ, ਉਹ ਉਥੇ ਕਿਸੇ ਬੁੱਢੀ ਮਾਈ ਨੂੰ ਹੀ ਦੇਣਾ ਹੈ, ਜਿਹੜੇ ਫੁੱਲਾਂ 'ਤੇ ਪੈਸੇ ਇਕੱਠੇ ਹੋਏ ਹਨ, ਇਹਨਾਂ ਨੂੰ ਦਾਨ ਕਰ ਦੇਣਾ ਹੈ ਅਤੇ ਮਾਂ ਦੀ ਉਮਰ ਦੀ ਕਿਸੇ ਮਾਈ ਨੂੰ ਫੁੱਲ ਤਾਰਨ ਤੋਂ ਬਾਅਦ ਰੋਟੀ ਖੁਆਉਣੀ ਹੈ।

ਬਾਕੀ ਅਗਲੇ ਹਫ਼ਤੇ.....

Print this post

No comments:

Post a Comment