ਸਾਡੀ ਵੀ ਕੋਈ ਮਾਂ ਹੁੰਦੀ ਸੀ.... (ਕਿਸ਼ਤ 4)

ਸੱਤ ਮਾਰਚ ਤੋਂ ਲੈ ਕੇ 'ਅੱਜ ਕੱਲ੍ਹ' ਕਰਦਿਆਂ ਡਾਕਟਰ ਨੇ ਗਿਆਰਾਂ ਮਾਰਚ ਨੂੰ ਸਵੇਰੇ ਮੈਨੂੰ ਆਪਣੇ ਦਫ਼ਤਰ ਸੱਦ ਲਿਆ।
-"ਕੁੱਸਾ ਸਾਹਿਬ, ਤੁਸੀਂ ਪੜ੍ਹੇ ਲਿਖੇ ਬੰਦੇ ਹੋ-ਇਕ ਗੱਲ ਆਖਾਂ?" ਡਾਕਟਰ ਸ਼ਾਮ ਸੁੰਦਰ ਨੇ ਮੈਨੂੰ ਆਖਿਆ। ਦੋ ਡਾਕਟਰਨੀਆਂ ਉਸ ਦੇ ਪਾਸ, ਇਕ ਪਾਸੇ ਬੈਠੀਆਂ ਸਨ। ਡਾਕਟਰ ਦੇ ਸਟਾਫ਼ ਵਿਚੋਂ ਕੁਝ ਮੁੰਡੇ-ਕੁੜੀਆਂ ਨੇ ਮੇਰੇ ਨਾਵਲ ਪੜ੍ਹੇ ਹੋਏ ਸਨ। ਜਿਸ ਦਾ ਮੈਨੂੰ ਬਾਅਦ ਵਿਚ ਪਤਾ ਚੱਲਿਆ। ਸਟਾਫ਼ ਵਾਲਿਆਂ ਨੇ ਡਾਕਟਰ ਨੂੰ ਵੀ ਮੇਰੇ ਬਾਰੇ ਦੱਸਿਆ ਹੋਇਆ ਸੀ।
-"……।" ਮੈਂ ਚੁੱਪ ਰਿਹਾ। ਮੈਨੂੰ ਤਕਰੀਬਨ ਪਤਾ ਸੀ ਕਿ ਡਾਕਟਰ ਨੇ ਕੀ ਆਖਣਾ ਹੈ।

-"ਮੈਂ ਐੱਮ ਬੀ ਬੀ ਐੱਸ, ਐੱਮ ਡੀ ਡਾਕਟਰ ਹਾਂ-ਜਦੋਂ ਮੇਰੇ ਮਾਤਾ ਬਿਮਾਰ ਹੋਏ-ਮੈਂ ਬਹੁਤ ਜ਼ੋਰ ਲਾਇਆ-ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਮਾਤਾ ਬਚ ਨਹੀਂ ਸਕਣਗੇ-ਮੈਂ ਦੁਆਈ ਬੰਦ ਕਰ ਦਿੱਤੀ ਅਤੇ ਰੱਬ ਦੇ ਭਾਣੇ ਵਿਚ ਬੈਠ ਗਿਆ-ਮੇਰੀ ਮਾਂ ਨੇ ਮੇਰੇ ਹੱਥਾਂ ਵਿਚ ਸਰੀਰ ਤਿਆਗਿਆ-ਮੈਂ ਕੁਛ ਨਹੀਂ ਕਰ ਸਕਿਆ…।"
-"ਡਾਕਟਰ ਸਾਹਿਬ, ਕਿਰਪਾ ਕਰਕੇ ਗੱਲ ਸਪੱਸ਼ਟ ਕਰੋ …!" ਮੈਂ ਕਿਹਾ ਤਾਂ ਡਾਕਟਰ ਆਖਣ ਲੱਗਿਆ, "ਕੁੱਸਾ ਸਾਹਿਬ, ਮਾਤਾ ਨੂੰ ਹੁਣ ਘਰੇ ਲੈ ਜਾਵੋ-ਅਸੀਂ ਇਕ ਬੋਤਲ ਗੁਲੂਕੋਜ਼ ਦੀ ਲਾ ਦਿੰਦੇ ਹਾਂ-ਘਰੇ ਪਹੁੰਚ ਜਾਣਗੇ-ਇਕ ਬੋਤਲ ਨਾਲ ਦੇ ਦਿੰਦੇ ਹਾਂ-ਰਾਤ ਨਿਕਲ ਜਾਵੇਗੀ-ਕਿਰਪਾ ਕਰੋ-ਹੁਣ ਮਾਤਾ ਨੂੰ ਘਰ ਲੈ ਜਾਵੋ।" ਮੇਰੇ ਮੋਹਣ ਚਾਚਾ ਜੀ ਵੀ ਆਖਣ ਲੱਗੇ, "ਸ਼ੇਰਾ ਹੁਣ ਜਿ਼ਦ ਨਾ ਕਰ-ਹੋ ਸਕਦੈ ਇਹਨਾਂ ਨੇ ਸਰੀਰ ਘਰੇ ਈ ਤਿਆਗਣਾ ਹੋਵੇ?" ਗੱਲ ਮੇਰੇ ਦਿਲ ਲੱਗੀ। ਜਿ਼ਦ ਵੀ ਕਾਹਦੀ ਸੀ? ਮੈਂ ਤਾਂ ਇਕ ਆਸ ਆਸਰੇ ਬੈਠਾ ਸੀ ਕਿ ਕੀ ਐ ਰੱਬ ਮਾਤਾ ਨੂੰ ਬੋਲਣ ਜੋਕਰੀ ਹੀ ਕਰ ਦੇਵੇ? ਮੈਂ ਕਿਹਾ, "ਡਾਕਟਰ ਸਾਹਿਬ ਸਾਨੂੰ ਐਂਬੂਲੈਂਸ ਬੁਲਾ ਦੇਵੋ।" ਤਾਂ ਡਾਕਟਰ ਆਖਣ ਲੱਗਿਆ, "ਕੁੱਸਾ ਸਾਹਿਬ, ਐਂਬੂਲੈਂਸਾਂ ਖੜਕ ਕੇ ਛਕੜਾ ਬਣੀਆਂ ਪਈਆਂ ਹਨ-ਐਂਬੂਲੈਂਸ ਰਾਹ ਵਿਚ ਕਿਤੇ ਖੜ੍ਹ ਜਾਵੇਗੀ-ਫੇਰ ਵਕਤ ਨੂੰ ਫੜੇ ਰਹੋਂਗੇ-ਫੇਰ ਕਿਸੇ ਹੋਰ ਗੱਡੀ ਦਾ ਪ੍ਰਬੰਧ ਕਰਦੇ ਫਿਰੋਂਗੇ-ਕੋਈ ਆਪਣੀ ਗੱਡੀ ਲੈ ਆਵੋ ਤੇ ਮਾਈ ਨੂੰ ਘਰੇ ਲੈ ਜਾਵੋ।" ਗੱਡੀ ਸਾਡੀ ਆਪਣੀ ਵੀ ਹਸਪਤਾਲ ਹੀ ਖੜ੍ਹੀ ਸੀ। ਪਰ ਇਤਨੇ ਬੰਦਿਆਂ ਲਈ ਛੋਟੀ ਸੀ। ਖ਼ੈਰ, ਚਾਚਾ ਮੋਹਣ ਅਤੇ ਨੀਲੂ ਵੱਡੀ ਗੱਡੀ ਕੁਐਲਿਸ ਲੈ ਆਏ ਅਤੇ ਮਾਈ ਨੂੰ ਲੱਗੀ ਗੁਲੂਕੋਜ਼ ਦੀ ਬੋਤਲ ਸਮੇਤ ਗੱਡੀ ਵਿਚ 'ਲੱਦ' ਲਿਆ।
ਹਸਪਤਾਲ ਦਾ ਬਿੱਲ ਤਾਰ ਕੇ ਤੁਰਨ ਲੱਗਿਆਂ ਮੈਂ ਬਾਈ ਕੇਵਲ ਕ੍ਰਿਸ਼ਨ ਮੋਗਾ ਦੇ ਗਲ ਲੱਗ ਕੇ ਰੋ ਪਿਆ। ਕਿਉਂਕਿ ਜਦ ਵੀ ਕਦੇ ਮੇਰੇ ਜਾਂ ਮੇਰੇ ਪ੍ਰੀਵਾਰ 'ਤੇ ਮੁਸੀਬਤ ਪਈ ਹੈ, ਬਾਈ ਕੇਵਲ ਕ੍ਰਿਸ਼ਨ, ਗੋਲੂ ਅਤੇ ਜੌਲੀ ਹੋਰੀਂ ਮੇਰੇ ਬੜੇ ਹੀ ਕੰਮ ਆਏ ਹਨ, ਉਹਨਾਂ ਨੇ ਕਦੇ ਕਿਸੇ ਗੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਕੇਵਲ ਕ੍ਰਿਸ਼ਨ ਅਤੇ ਸਾਰਾ ਪ੍ਰੀਵਾਰ ਬੜਾ ਹਮਦਰਦ ਪ੍ਰੀਵਾਰ ਹੈ। ਬਾਈ ਕੇਵਲ ਕ੍ਰਿਸ਼ਨ ਨੇ ਮੇਰੇ ਕੋਲ ਇਹ ਗਿ਼ਲਾ ਵੀ ਕੀਤਾ ਸੀ ਕਿ ਸਾਡੀ ਮਾਂ ਬਿਮਾਰ ਹੋਵੇ ਤੇ ਤੁਸੀਂ ਸਾਨੂੰ ਦੱਸੋਂ ਨ੍ਹਾ? ਅਸੀਂ ਵੀ ਮੋਗੇ ਵਿਚ ਹੀ ਵਸਦੇ ਹਾਂ, ਮਾਂ ਮੋਗੇ ਦਾਖ਼ਲ ਹੋਵੇ ਤੇ ਸਾਨੂੰ ਪਤਾ ਤੱਕ ਨਾ ਲੱਗੇ? ਰਿਸ਼ਤੇਦਾਰ ਹੁੰਦੇ ਕਾਹਦੇ ਵਾਸਤੇ ਨੇ? ਵੱਡੇ ਵੀਰ ਕੇਵਲ ਕ੍ਰਿਸ਼ਨ ਦਾ ਗੁੱਸਾ-ਗਿ਼ਲਾ ਵੀ ਜਾਇਜ਼ ਸੀ। ਉਹ ਮੇਰੀ ਮਾਂ ਨੂੰ ਆਪਣੀ ਮਾਂ ਹੀ ਸਮਝਦਾ ਰਿਹਾ ਹੈ ਅਤੇ ਆਖਰੀ ਰਸਮਾਂ ਤੱਕ ਆਪਣੇ ਪੂਰੇ ਪ੍ਰੀਵਾਰ ਸਮੇਤ ਨਾਲ-ਨਾਲ ਹੀ ਸਾਥ ਦਿੰਦਾ ਰਿਹਾ ਹੈ। ਹਸਪਤਾਲ ਵਿਚ ਕੰਬਲਾਂ, ਸਿਰ੍ਹਾਣਿਆਂ ਤੋਂ ਲੈ ਕੇ ਰੋਟੀਆਂ ਤੱਕ ਉਸ ਵੀਰ ਕੇਵਲ ਕ੍ਰਿਸ਼ਨ ਦੇ ਘਰੋਂ ਹੀ ਆਉਂਦੀਆਂ ਰਹੀਆਂ ਹਨ। ਉਸ ਨੇ ਇਕੋ ਗੱਲ ਹੀ ਕਹੀ ਸੀ ਕਿ ਜਿੰਨਾਂ ਚਿਰ ਮਾਈ ਮੋਗੇ ਹਸਪਤਾਲ ਦਾਖਲ ਹੈ, ਰੋਟੀ ਪਿੰਡੋਂ ਜਾਂ ਹੋਟਲ ਤੋਂ ਨਾ ਆਵੇ। ਰੋਟੀ ਆਉਂਦੀ ਵੀ ਉਸ ਦੇ ਘਰੋਂ ਹੀ ਰਹੀ ਹੈ। ਕਦੇ ਰੋਟੀ ਗੋਲੂ ਲੈ ਕੇ ਆਉਂਦਾ ਅਤੇ ਕਦੇ ਬਾਈ ਕੇਵਲ ਕ੍ਰਿਸ਼ਨ ਆਪ!
ਕੁਐਲਿਸ ਗੱਡੀ ਦੇ ਡਰਾਈਵਰ ਨੂੰ ਮੈਂ ਬੇਨਤੀ ਕੀਤੀ, "ਬਾਈ ਜੀ, ਕਿਰਪਾ ਕਰਕੇ ਬਿਲਕੁਲ ਹੌਲੀ ਚੱਲਿਓ!" ਡਰਾਈਵਰ ਬੜਾ ਸਤਿਯੁਗੀ ਬੰਦਾ ਸੀ। ਉਸ ਨੇ ਇਕੋ ਗੱਲ ਹੀ ਆਖੀ, "ਬਾਈ ਜੀ ਫਿ਼ਕਰ ਨਾ ਕਰੋ-ਇਹ ਤੁਹਾਡੀ ਮਾਂ ਨਹੀਂ-ਮੇਰੀ ਮਾਂ ਹੈ-ਬੜੀ ਹੀ ਹੌਲੀ ਜਾਂਵਾਂਗੇ।" ਚਾਚਾ ਮੋਹਣ, ਮਾਸੀ ਸੁਖਦੇਵ ਕੌਰ ਅਤੇ ਭੈਣਾਂ, ਮਾਂ ਸਮੇਤ ਕੁਐਲਿਸ ਵਿਚ ਸਵਾਰ ਹੋ ਗਏ, ਜਦ ਕਿ ਮੈਂ, ਡੈਡੀ, ਨੀਲੂ, ਬਿੰਦਾ ਅਤੇ ਸੀਰੇ ਹੋਰੀਂ ਸਾਡੀ ਆਪਣੀ ਗੱਡੀ ਵਿਚ ਚੱਲ ਪਏ।
ਡਰਾਈਵਰ ਬੜੀ ਧਹੱਮਲ ਨਾਲ ਗੱਡੀ ਲੈ ਕੇ ਆਇਆ।
ਪੌਣੇ ਕੁ ਘੰਟੇ ਵਿਚ ਅਸੀਂ ਸਾਰੇ ਪਿੰਡ ਪਹੁੰਚ ਗਏ।
ਦਿਨ ਦੇ ਬਾਰ੍ਹਾਂ ਵੱਜ ਗਏ ਸਨ। ਡਾਕਟਰ ਸੁਖਮੰਦਰ ਨੂੰ ਬੁਲਾ ਕੇ ਮੈਂ ਗੁਲੂਕੋਜ਼ ਵਾਲੀ ਦੂਜੀ ਬੋਤਲ ਬਾਰੇ ਜਾਣਕਾਰੀ ਦਿੱਤੀ। ਉਸ ਨੇ ਇਕੋ ਗੱਲ ਹੀ ਆਖੀ, "ਚਾਹੇ ਅੱਧੀ ਰਾਤੋਂ ਅਵਾਜ਼ ਮਾਰ ਲਇਓ-ਦੂਜੀ ਬੋਤਲ ਲਾ ਦਿਆਂਗੇ।" ਜਿਉਂ-ਜਿਉਂ ਪਿੰਡ ਵਿਚ ਪਤਾ ਚੱਲਦਾ ਗਿਆ ਕਿ ਮਾਂ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਅਤੇ ਉਸ ਨੂੰ ਪਿੰਡ ਲੈ ਆਏ, ਤਾਂ ਪਿੰਡ ਦੀਆਂ ਬੁੜ੍ਹੀਆਂ ਦਾ ਘਰ ਵਿਚ ਮੇਲਾ ਲੱਗਣਾ ਸ਼ੁਰੂ ਹੋ ਗਿਆ। ਮਾਂ ਤਾਂ ਬੇਹੋਸ਼ ਹੀ ਪਈ ਸੀ। ਕੋਈ ਆਖੇ, "ਗੁਰਨਾਮ ਕੁਰੇ-ਨ੍ਹੀ ਤੂੰ ਮੇਰੇ ਨਾਲ ਦੋ ਗੱਲਾਂ ਈ ਕਰਲੈ!" ਕੋਈ ਆਖੇ, "ਲੈ ਜਮਾਂ ਈ ਨ੍ਹੀ ਬੋਲਦੀ।" ਕੋਈ ਕੁਝ ਆਖ ਰਹੀ ਸੀ, ਕੋਈ ਕੁਝ। ਮੈਨੂੰ ਕੋਲ ਬੈਠੇ ਨੂੰ ਉਹਨਾਂ ਦੀਆਂ ਗੱਲਾਂ ਤੋਂ ਖਿਝ ਚੜ੍ਹ ਰਹੀ ਸੀ। ਬਈ ਜਦੋਂ ਥੋਨੂੰ ਭਲੀਭਾਂਤ ਪਤਾ ਹੈ ਕਿ ਮਾਂ ਬੇਹੋਸ਼ ਪਈ ਹੈ, ਹੁਣ ਘੱਗਰੀ ਪਾ ਕੇ ਥੋਡੇ ਨਾਲ ਨੱਚਣੋਂ ਤਾਂ ਰਹੀ। ਮੈਂ ਦੂਜੀ ਬੋਤਲ ਲਗਵਾਉਣ ਦਾ ਬਹਾਨਾ ਜਿਹਾ ਬਣਾ ਕੇ ਬੁੜ੍ਹੀਆਂ ਨੂੰ ਮਾਂ ਤੋਂ ਦੂਰ ਕੀਤਾ।
ਬੁੜ੍ਹੀਆਂ ਤਾਂ ਬਿਮਾਰ ਬੰਦੇ ਨੂੰ ਅੱਧਾ ਪਾਗਲ ਤਾਂ ਉਂਜ ਹੀ ਕਰ ਦੇਣ। ਚਾਹੇ ਮਾੜਾ ਮੋਟਾ ਬਿਮਾਰ ਬੰਦਾ-ਬੁੜ੍ਹੀ ਠੀਕ ਠਾਕ, ਚੜ੍ਹਦੀ ਕਲਾ 'ਚ ਹੋਵੇ, ਪਤਾ ਲੈਣ ਆਈਆਂ ਦੁਹੱਥੜ ਮਾਰ ਕੇ ਆਖਣਗੀਆਂ, "ਨ੍ਹੀ ਤੂੰ ਤਾਂ ਊਂਈਂ ਬੀਤੀ ਪਈ ਐਂ…!" ਜਾਂ ਆਖਣਗੀਆਂ, "ਬੂਹ ਮੈਂ ਮਰਜਾਂ! ਲੈ ਕੁੜ੍ਹੇ ਇਹਦੇ 'ਚ ਤਾਂ ਤਿੱਪ ਲਹੂ ਦੀ ਨ੍ਹੀ ਰਹੀ-ਸਾਰਾ ਈ ਸੁੱਕ ਗਿਆ-ਨਹੁੰ ਤਾਂ ਦੇਖ ਜਮਾਂ ਈ ਚਿੱਟੇ ਹੋ ਚੱਲੇ-ਇਹਨੂੰ ਤਾਂ ਭਾਈ ਵੱਡੇ ਹਸਤਪਤਾਲ ਲੈਜੋ…!" ਠੀਕ ਹੋ ਰਿਹਾ ਬੰਦਾ-ਬੁੜ੍ਹੀ ਉਂਜ ਹੀ ਸਾਹ-ਸਤ ਛੱਡ ਕੇ ਚੜ੍ਹਾਈ ਕਰ ਜਾਂਦਾ ਹੈ। ਲਓ, ਕਰੀ ਚੱਲੋ ਲੱਕੜਾਂ ਦਾ ਪ੍ਰਬੰਧ ਤੇ ਦੁਆ ਲਓ ਪਤਾ, ਖੁਲ੍ਹਵਾ ਲਓ ਆਖੰਡ ਪਾਠ! ਕੀ ਥੁੜਿਆ ਪਿਐ, ਐਸੇ ਪਤੇ ਲੈਣ ਖੁਣੋਂ?
ਰਾਤ ਦੇ ਦੋ ਵਜੇ ਪਹਿਲੀ ਗੁਲੂਕੋਜ਼ ਦੀ ਬੋਤਲ ਖਤਮ ਹੋ ਗਈ। ਦੂਜੀ ਸੁਖਜੀਵਨ ਅਤੇ ਸੁਖਮੰਦਰ ਨੇ ਆ ਕੇ ਲਾ ਦਿੱਤੀ। ਢਾਈ ਵੱਜੇ ਤਾਂ ਮੈਨੂੰ ਭਦੌੜ ਵਾਲੀ ਮਾਸੀ ਨੇ ਕਿਹਾ, "ਜੱਗਿਆ, ਸੌਂ ਜਾਹ ਪੁੱਤ-ਸੌਂ ਜਾ, ਮੈਂ ਬੈਠੀ ਆਂ…!" ਸਵੇਰੇ ਤਿੰਨ ਕੁ ਵਜੇ ਮੈਂ ਮਾਂ ਦੇ ਸਿਰਹਾਣੇ ਵੱਲ ਮੰਜਾ ਡਾਹ ਕੇ ਸੌਂ ਗਿਆ। ਮਾਸੀ ਨੂੰ ਮੇਰੀ ਸਖ਼ਤ ਹਦਾਇਤ ਸੀ ਕਿ ਮਾਸੀ ਜੀ ਕੋਈ ਗੱਲ-ਬਾਤ ਹੋਵੇ, ਮੈਨੂੰ ਤੁਰੰਤ ਜਗਾ ਲੈਣੈਂ। ਕਈ ਰਾਤਾਂ ਦਾ ਅਨੀਂਦਰਾ ਹੋਣ ਕਰਕੇ ਮੈਨੂੰ ਤੁਰੰਤ ਹੀ ਨੀਂਦ ਆ ਗਈ। ਭਦੌੜ ਵਾਲੀ ਮਾਸੀ ਸਾਰੀ ਰਾਤ ਮਾਂ ਦੇ ਕੋਲ ਬੈਠੀ ਰਹੀ। ਮੈਂ ਸਵੇਰ ਦੇ ਛੇ ਕੁ ਵਜੇ ਤੱਕ ਸੁੱਤਾ ਰਿਹਾ।

ਬਾਕੀ ਅਗਲੇ ਹਫ਼ਤੇ.....

Print this post

No comments:

Post a Comment