ਸਾਡੀ ਵੀ ਕੋਈ ਮਾਂ ਹੁੰਦੀ ਸੀ... (ਆਖਰੀ ਕਿਸ਼ਤ)

ਦੁਪਿਹਰੇ ਦੋ ਕੁ ਵਜੇ ਅਸੀਂ ਫ਼ੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮੈਂ, ਭੈਣ ਕਰਮਜੀਤ ਗੁੱਡੀ, ਚਾਚਾ ਮੋਹਣ, ਨੀਲੂ ਅਤੇ ਜਗਸੀਰ ਸੀਰਾ। ਕਾਲਾ ਦੌਧਰੀਆ ਗੱਡੀ ਚਲਾ ਰਿਹਾ ਸੀ। ਮੈਂ ਮਾਂ ਦੇ ਫੁੱਲ ਹਿੱਕ ਨਾਲ ਲਾਈ ਸੀਟ 'ਤੇ ਬੈਠਾ ਸੀ। ਹੋਲਾ ਮਹੱਲਾ ਹੋਣ ਕਰਕੇ ਥਾਂ-ਥਾਂ 'ਤੇ ਸੰਗਤਾਂ ਨੇ ਲੰਗਰ ਲਾਏ ਹੋਏ ਸਨ। ਸਾਡਾ ਪੈਂਡਾ ਲੰਬਾ ਸੀ। ਅਸੀਂ ਸਲਾਹ ਇਹ ਹੀ ਕੀਤੀ ਹੋਈ ਸੀ ਕਿ ਕੀਰਤਪੁਰ ਸਾਹਿਬ ਕੋਲ ਜਾ ਕੇ ਲੰਗਰ ਛਕਿਆ ਜਾਵੇ। ਕਈ ਥਾਂ ਲੰਗਰ ਲਾਈ ਖੜ੍ਹੀਆਂ ਸੰਗਤਾਂ ਨੇ ਸਾਨੂੰ ਹੱਥ ਜੋੜ ਕੇ ਲੰਗਰ ਛਕਣ ਲਈ ਬੇਨਤੀ ਕੀਤੀ, ਪਰ ਅਸੀਂ "ਫੁੱਲ ਲੈ ਕੇ ਚੱਲੇ ਹਾਂ" ਆਖ ਕੇ ਅੱਗੇ ਲੰਘਣ ਵਿਚ ਸਫ਼ਲ ਹੋ ਜਾਂਦੇ। ਕੀਰਤਪੁਰ ਸਾਹਿਬ ਤੋਂ ਅੱਠ-ਦਸ ਕਿਲੋਮੀਟਰ ਉਰਾਂਹ ਤਾਂ ਸੰਗਤ ਨੇ ਕਮਾਲ ਹੀ ਕੀਤੀ ਹੋਈ ਸੀ। ਉਹਨਾਂ ਨੇ ਲੱਕੜ ਦੇ ਮੁੱਛ ਸੜਕ 'ਤੇ ਸੁੱਟ ਕੇ ਇਕ ਤਰ੍ਹਾਂ ਨਾਲ ਸੜਕ ਰੋਕੀ ਹੋਈ ਸੀ। ਬੰਦਾ ਗੱਡੀ ਰੋਕੇ ਬਿਨਾਂ ਅੱਗੇ ਨਹੀਂ ਜਾ ਸਕਦਾ ਸੀ। ਮੁੱਛ ਫ਼ੁੱਟ ਮੁੰਡੇ ਹੱਥ ਜੋੜ-ਜੋੜ ਕੇ ਲੰਗਰ ਛਕਣ ਲਈ ਬੇਨਤੀਆਂ ਕਰ ਰਹੇ ਸਨ। ਜਦੋਂ ਸਾਡੀ ਗੱਡੀ ਦੇ ਦੁਆਲੇ ਦਸ-ਪੰਦਰਾਂ ਮੁੰਡੇ ਹੋ ਗਏ ਤਾਂ ਮੈਂ ਪੁੱਛਿਆ, "ਵੀਰੇ ਇਹ ਲੰਗਰ ਲਾਇਐ ਕਿ ਨਾਕਾ ਲਾਇਐ?" ਉਹ ਹੱਸ ਕੇ ਬੋਲੇ, "ਵੀਰੇ ਚਾਹੇ ਇਕ ਪ੍ਰਛਾਦਾ ਛਕ ਲਵੋ-ਪਰ ਛਕ ਜਰੂਰ ਲਵੋ!"
ਅਸੀਂ ਗੱਡੀ ਤੋਂ ਹੇਠਾਂ ਉਤਰ ਆਏ। ਲੰਗਰ ਪਾਣੀ ਛਕਿਆ, ਵੱਡੀ ਭੈਣ ਦੀ ਨਸੀਹਤ ਅਨੁਸਾਰ ਮਾਤਾ ਨੂੰ ਵੀ ਨਾਲ ਛਕਣ ਲਈ ਬੇਨਤੀ ਕੀਤੀ। ਚਾਹ ਪੀਤੀ, ਤਾਂ ਮਾਤਾ ਨੂੰ ਚਾਹ ਛਕਣ ਲਈ ਵੀ ਪੁਕਾਰਿਆ। ਮਾਂ ਨੂੰ ਪਰਨਾਂ ਲਮਕਾ ਕੇ ਕੀਰਤਪੁਰ ਸਾਹਿਬ ਨਾਲ ਤੁਰਨ ਲਈ ਬੇਨਤੀ ਕਰ, ਅਸੀਂ ਕੀਰਤਪੁਰ ਸਾਹਿਬ ਨੂੰ ਅੱਗੇ ਚਾਲੇ ਪਾ ਦਿੱਤੇ। ਸ਼ਾਮ ਸੱਤ ਕੁ ਵਜੇ ਅਸੀਂ ਕੀਰਤਪੁਰ ਸਾਹਿਬ ਪਹੁੰਚ ਗਏ। ਹੋਲੇ ਮਹੱਲੇ ਕਰਕੇ ਕਾਫ਼ੀ ਇਕੱਠ ਸੀ। ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ, ਦੇਗ ਕਰਵਾਈ। ਕੀਰਤਪੁਰ ਸਾਹਿਬ ਆਉਣ ਦਾ ਮੇਰਾ ਪਹਿਲਾ ਮੌਕਾ ਸੀ। ਮੱਥਾ ਟੇਕਣ ਅਤੇ ਗੁਰਬਾਣੀ ਸਰਵਣ ਕਰਨ ਤੋਂ ਬਾਅਦ ਜਾ ਕੇ ਕਮਰੇ ਬਾਰੇ ਪਤਾ ਕੀਤਾ। ਕਮਰਾ ਕੋਈ ਖਾਲੀ ਨਹੀਂ ਸੀ। ਚਾਚਾ ਜੀ ਆਖਣ ਲੱਗੇ, "ਪਹਿਲਾਂ ਆਪਾਂ ਲੰਗਰ ਛਕ ਲਈਏ। ਫਿਰ ਕੋਈ ਪੈਣ-ਸੌਣ ਦਾ ਪ੍ਰਬੰਧ ਸੋਚਾਂਗੇ।" ਦੁਨੀਆਂ ਬੇਥਾਹ ਸੀ। ਅਸੀਂ ਲੰਗਰ ਛਕਣ ਲਈ ਲੰਗਰ ਹਾਲ ਵਿਚ ਵੜ ਗਏ। ਜਦ ਲੰਗਰ ਛਕ ਕੇ ਬਾਹਰ ਨਿਕਲੇ ਤਾਂ ਜਗਸੀਰ ਸੀਰੇ ਦੀ ਨਵੀਂ ਜੁੱਤੀ ਗਾਇਬ ਸੀ। ਮੈਂ ਬੜਾ ਹੈਰਾਨ ਹੋਇਆ ਕਿ ਇਸ ਐਡੇ ਵੱਡੇ ਤੀਰਥ ਅਸਥਾਨ 'ਤੇ ਵੀ ਚੋਰੀ ਹੋ ਸਕਦੀ ਸੀ? ਖ਼ੈਰ, ਮੇਰੇ ਤਾਂ ਚੱਪਲਾਂ ਪਾਈਆਂ ਹੋਈਆਂ ਸਨ, ਉਹਨਾਂ ਨੂੰ ਕਿਸੇ ਨੇ ਚੋਰੀ ਕੀ ਕਰਨਾ ਸੀ? ਸਾਰਿਆਂ ਨੇ ਫ਼ੈਸਲਾ ਕੀਤਾ ਕਿ ਜਿੰਨ੍ਹਾਂ ਦੇ ਜੁੱਤੀਆਂ ਪਾਈਆਂ ਹੋਈਆਂ ਹਨ, ਉਹ ਗੱਡੀ ਵਿਚ ਹੀ ਲਾਹ ਕੇ ਆਉਣਗੇ।
ਸੌ ਰੁਪਏ ਦੀ ਪਰਚੀ ਕਟਵਾ ਕੇ ਅਸੀਂ ਰਜਾਈਆਂ ਅਤੇ ਗਦੈਲੇ ਲਏ ਅਤੇ ਵਰਾਂਡੇ ਵਿਚ ਆ ਡੇਰੇ ਲਾਏ। ਜਿੰਨ੍ਹਾਂ ਨੂੰ ਕਮਰਾ ਨਹੀਂ ਮਿਲਿਆ ਸੀ, ਉਹ ਸਾਰੀ ਦੁਨੀਆਂ ਵਰਾਂਡੇ ਵਿਚ ਹੀ ਗਦੈਲੇ ਵਿਛਾਈ ਪਈ ਸੀ। ਮਾੜੀ-ਮਾੜੀ ਠੰਢ ਸੀ। ਰਾਤ ਨੂੰ ਮਾਂ ਦੇ ਫੁੱਲ ਛਾਤੀ 'ਤੇ ਰੱਖੀ ਪਏ ਨੂੰ ਮੈਨੂੰ ਇਕ ਰੇਡੀਓ ਤੋਂ ਸੁਣਿਆਂ ਪੁਰਾਣਾ ਗੀਤ ਵਾਰ-ਵਾਰ ਯਾਦ ਆ ਰਿਹਾ ਸੀ, "ਆਪ ਪਵੇਂ ਗਿੱਲੇ-ਸੁੱਕੇ ਪਾਉਣ ਵਾਲੀਏ-ਹਾਏ ਨੀ ਮਾਤਾ ਦੁੱਧੀਆਂ ਚੁੰਘਾਉਣ ਵਾਲੀਏ…।" ਰਾਤ ਦੇ ਬਾਰ੍ਹਾਂ ਵੱਜ ਗਏ ਸਨ। ਸਵੇਰੇ ਅੰਮ੍ਰਿਤ ਵੇਲੇ ਦੋ ਕੁ ਵਜੇ ਇਕ ਸੱਤਰ ਕੁ ਸਾਲਾ ਬਜ਼ੁਰਗ ਦੇ ਵਿਰਲਾਪ ਨਾਲ ਸਾਡੀ ਅੱਖ ਖੁੱਲ੍ਹੀ।
-"ਉਏ ਸਿੱਖੋ! ਉਏ ਐਡੇ ਤੀਰਥ ਅਸਥਾਨ 'ਤੇ ਆ ਕੇ ਮੈਂ ਲੁੱਟਿਆ ਗਿਆ ਓਏ! ਹੇ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਵੀ ਐਡੇ ਐਡੇ ਚੋਰ? ਉਏ ਸਿੱਖੋ! ਚੋਰਾਂ ਤੋਂ ਸਾਵਧਾਨ ਓਏ! ਓਏ ਮੈਂ ਲੁੱਟਿਆ ਗਿਆ…!" ਪੰਦਰਾਂ ਨੰਬਰ ਕਮਰੇ ਵਿਚੋਂ ਉਸ ਦਾ ਸਮਾਨ ਉਦੋਂ ਚੋਰੀ ਹੋ ਗਿਆ, ਜਦੋਂ ਉਹ ਸਿਰਫ਼ ਦੋ-ਚਾਰ ਮਿੰਟ ਲਈ ਪਿਸ਼ਾਬ ਕਰਨ ਗਿਆ ਸੀ। ਪੰਜਾਂ ਮਿੰਟਾਂ ਵਿਚ ਹੀ ਕੋਈ ਉਸ ਦੇ ਸਾਰੇ ਸਮਾਨ ਦਾ ਹੀ ਹੂੰਝਾ ਮਾਰ ਗਿਆ ਸੀ। ਸਭ ਤੋਂ ਹਿਰਦੇਵੇਧਕ ਗੱਲ ਇਹ ਸੀ ਕਿ ਉਹ ਆਪਣੇ ਕਿਸੇ ਨਜ਼ਦੀਕੀ ਦੇ ਫ਼ੁੱਲ ਤਾਰਨ ਆਇਆ ਸੀ, ਸਮਾਨ ਦੇ ਨਾਲ ਦੁਸ਼ਟ ਚੋਰ ਉਸ ਪ੍ਰਾਣੀ ਦੇ ਫੁੱਲ ਵੀ ਨਾਲ ਹੀ ਚੋਰੀ ਕਰ ਕੇ ਲੈ ਗਏ ਸਨ! ਕੁਝ ਸਮੇਂ ਬਾਅਦ ਉਹ ਬਜ਼ੁਰਗ ਅਸੀਂ ਸੇਵਾਦਾਰਾਂ ਨਾਲ ਕਰੜੇ ਬਚਨ ਬਿਲਾਸ ਕਰਦਾ ਸੁਣਿਆਂ, "ਉਏ ਤੁਸੀਂ ਕਾਹਦੇ ਵਾਸਤੇ ਐਥੇ ਫਿਰਦੇ ਓਂ? ਥੋਡੀ ਹਾਜਰੀ 'ਚ ਐਡੀਆਂ ਐਡੀਆਂ ਚੋਰੀਆਂ ਹੋਈ ਜਾਂਦੀਐਂ…!" ਉਹ ਬਜ਼ੁਰਗ ਇਸ ਚੋਰੀ ਕਾਰਨ ਕਮਲ਼ਾ ਹੋਇਆ ਫਿਰਦਾ ਸੀ। ਕਮਲ਼ਾ ਹੋਣਾ ਹੀ ਸੀ, ਜੋ ਫ਼ੁੱਲ ਉਹ ਤਾਰਨ ਆਇਆ ਸੀ, ਉਹ ਤਾਂ ਕੋਈ ਲੈ ਗਿਆ ਸੀ। ਘਰੇ ਜਾ ਕੇ ਤਾਂ ਜਿਹੜਾ ਜਵਾਬ ਉਸ ਨੇ ਦੇਣਾ ਸੀ, ਉਹ ਤਾਂ ਵੱਖਰੀ ਗੱਲ ਸੀ। ਪਰ ਬੰਦੇ ਦੀ ਆਤਮਾ ਹੀ ਵਿਲਕ ਉਠਦੀ ਹੈ, ਜਿੱਥੋਂ ਫੁੱਲ ਹੀ ਚੋਰੀ ਹੋ ਗਏ!
ਸਵੇਰੇ ਤਿੰਨ ਵੱਜ ਕੇ ਪੰਜਾਹ ਮਿੰਟ 'ਤੇ ਅਸੀਂ, "ਮਾਂ ਆਪਣਾ ਐਨਾਂ ਕੁ ਈ ਨਾਤਾ ਸੀ।" ਆਖ ਕੇ ਫ਼ੁੱਲ ਤਾਰ ਦਿੱਤੇ। ਮੁੜ ਕੇ ਸਰੋਵਰ 'ਤੇ ਪੰਜ ਇਸ਼ਨਾਨਾ ਕੀਤਾ। ਰਜਿ਼ਸਟਰ ਵਿਚ ਮਾਂ ਦਾ ਸਾਰਾ ਵੇਰਵਾ ਦਰਜ਼ ਕਰਵਾਇਆ ਅਤੇ ਮੈਂ ਰਜਿ਼ਸਟਰ 'ਤੇ ਦਸਤਖ਼ਤ ਕਰ ਦਿੱਤੇ। ਦੇਗ਼ ਕਰਵਾ ਕੇ ਅਸੀਂ ਪੌਣੇ ਪੰਜ ਵਜੇ ਅਰਦਾਸ ਵਿਚ ਸ਼ਾਮਲ ਹੋ ਗਏ। ਜਦ ਅਰਦਾਸ ਵਿਚ ਸ਼ਾਮਲ ਹੋ ਕੇ, ਦੇਗ ਲੈ ਕੇ ਅਸੀਂ ਲੰਗਰ ਹਾਲ ਵਾਲੇ ਪਾਸੇ ਦੀਆਂ ਪੌੜੀਆਂ ਉਤਰੇ ਤਾਂ ਚਾਚੇ ਮੋਹਣ ਦੀਆਂ ਚੱਪਲਾਂ ਚੁੱਕੀਆਂ ਗਈਆਂ ਸਨ। ਸਿਰਫ਼ ਮੈਂ ਹੀ ਰਹਿ ਗਿਆ ਸੀ, ਜਿਸ ਦੀਆਂ ਚੱਪਲਾਂ ਕਿਸੇ ਨੇ ਨਹੀਂ ਚੁੱਕੀਆਂ। ਐਨੀ ਚੋਰੀ ਮੈਂ ਪਹਿਲੀ ਵਾਰ ਕਿਸੇ ਧਾਰਮਿਕ ਸਥਾਨ 'ਤੇ ਦੇਖੀ ਸੀ। ਬਾਹਰ ਆ ਕੇ ਅਸੀਂ ਬਰਤਨ ਅਤੇ ਫ਼ੋਟੋ ਖ਼ਰੀਦੇ। ਇੱਕ ਬਿਰਧ ਮਾਈ ਲੱਭ ਕੇ ਰੋਟੀ ਖੁਆਈ, ਵਸਤਰ ਭੇਂਟ ਕੀਤੇ ਅਤੇ ਭੇਟਾ ਦਿੱਤੀ।
ਸਾਰੀਆਂ ਰੀਤਾਂ-ਰਵਾਇਤਾਂ ਸੰਪੂਰਨ ਕਰਕੇ ਅਸੀਂ ਪੀਰ ਬੁੱਢਣ ਸ਼ਾਹ ਦੀ ਜਗਾਹ 'ਤੇ ਜਾ ਸਿਜ਼ਦਾ ਕੀਤਾ ਅਤੇ ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਦੇ ਦਰਸ਼ਣ ਕੀਤੇ ਅਤੇ ਦੇਗ ਕਰਵਾਈ। ਕਰੀਬ ਸੱਤ ਵਜੇ ਦੇ ਕਰੀਬ ਵਾਪਿਸ ਤੁਰ ਪਏ। ਵਾਪਿਸੀ 'ਤੇ ਮਾਛੀਵਾੜੇ ਦੇ ਜੰਗਲ, ਸਰਸਾ ਨਦੀ, ਪ੍ਰੀਵਾਰ ਵਿਛੋੜਾ ਨੂੰ ਨਮਸਕਾਰ ਕੀਤੀ। ਮੁੜਦੇ ਸਮੇਂ ਵੀ ਥਾਂ-ਥਾਂ 'ਤੇ ਲੰਗਰ ਲੱਗੇ ਹੋਏ ਸਨ। ਮੁੜਦੇ ਵਕਤ ਅਸੀਂ ਪ੍ਰੀਵਾਰ ਵਿਛੋੜਾ ਤੋਂ ਨਹਿਰ ਦੀ ਪਟੜੀ-ਪਟੜੀ ਲੁਧਿਆਣੇ ਨੂੰ ਆਏ। ਗੜੀ ਪਿੰਡ ਨੇੜੇ ਆ ਕੇ ਚਾਹ ਦਾ ਲੰਗਰ ਛਕਿਆ।
22 ਮਾਰਚ ਦਿਨ ਬੁੱਧਵਾਰ ਨੂੰ ਮਾਤਾ ਦਾ ਭੋਗ ਸੀ। ਬੜਾ ਇਕੱਠ ਸੀ। ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਤੋਂ ਲੈ ਕੇ ਲੇਖਕ, ਪੱਤਰਕਾਰ, ਕਲਾਕਾਰ ਅਤੇ ਪਬਲਿਸ਼ਰ ਮਿੱਤਰ ਵੀ ਆਏ ਹੋਏ ਸਨ। ਸ੍ਰ: ਸਿਮਰਨਜੀਤ ਸਿੰਘ ਮਾਨ ਦਾ ਉਸ ਦਿਨ ਸਮਰਾਲੇ ਇਲਾਕੇ ਦਾ ਦੌਰਾ ਸੀ ਅਤੇ ਬਾਈ ਬਲਵੰਤ ਸਿੰਘ ਰਾਮੂਵਾਲੀਆ ਦਾ ਅਜਨਾਲੇ ਦੇ ਚੌਦਾਂ ਪਿੰਡਾਂ ਦਾ। ਇਹਨਾਂ ਦੋਨਾਂ ਆਗੂਆਂ ਦੇ ਫ਼ੋਨ ਮੈਨੂੰ ਸਵੇਰੇ ਹੀ ਆ ਗਏ ਸਨ। ਪਿੰਡ ਦੇ ਗੁਰਦੁਆਰੇ ਵਿਖੇ ਸਮਾਗਮ ਸੀ। ਪ੍ਰਸਿੱਧ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਪ੍ਰਤੀਨਿਧ ਨੇ ਮਾਤਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮਾਂ ਘੱਟ ਹੋਣ ਕਰਕੇ ਹੋਰ ਕਿਸੇ ਨੂੰ ਸਮਾਂ ਨਹੀਂ ਦਿੱਤਾ ਜਾ ਸਕਿਆ। ਮੈਂ ਤਾਂ ਖਾਸ ਕਿਸੇ ਨੂੰ ਫ਼ੋਨ ਨਹੀਂ ਕੀਤਾ ਸੀ। ਪਰ ਅਖਬਾਰਾਂ ਨੇ ਹੀ ਐਨੀਆਂ ਧੂੰਆਂਧਾਰ ਖ਼ਬਰਾਂ ਛਾਪ ਦਿੱਤੀਆਂ ਸਨ ਕਿ ਸਾਰੇ ਪੰਜਾਬ ਵਿਚ ਹੀ ਪਤਾ ਚੱਲ ਗਿਆ ਸੀ ਕਿ ਜੱਗੀ ਕੁੱਸਾ ਦੇ ਮਾਤਾ ਚੜ੍ਹਾਈ ਕਰ ਗਏ ਸਨ। ਅਖੀਰ ਵਿਚ ਗਾਇਕ ਗੁਰਦੀਪ ਕੁੱਸਾ ਨੇ ਆਏ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਸਮਾਗਮ ਦੀ ਸਮਾਪਤੀ ਹੋਈ। ਤਿੰਨ ਅਪ੍ਰੈਲ ਨੂੰ ਵਿਛੜੀ ਮਾਂ ਦੀ ਮਿੱਠੀ ਯਾਦ ਨੂੰ ਸੀਨੇ ਵਿਚ ਸਾਂਭੀ ਮੈਂ ਵਾਪਿਸ ਲੰਡਨ ਦੀ ਫ਼ਲਾਈਟ ਲੈ ਲਈ। ਜਿੱਥੇ ਪਿਆਰੀ ਮਾਂ ਵਿਛੜੀ, ਉਥੇ ਕਈ ਪਿਆਰੇ ਨਵੇਂ ਸੱਜਣ ਵੀ ਝੋਲੀ ਵਿਚ ਪਏ। ਆਖਰ ਵਿਚ ਇੱਕੋ ਗੱਲ ਆਖਾਂਗਾ ਕਿ ਜਾਣਾ ਤਾਂ ਸਮੇਂ-ਸਮੇਂ ਅਨੁਸਾਰ ਸਭ ਨੇ ਹੈ। ਪਰ ਹਾਏ ਰੱਬਾ! ਕਿਸੇ ਦੀ ਮਾਂ ਨਾ ਮਰੇ…!! ਇਹ ਹੀ ਦੁਖੀ ਪੁੱਤਰ ਦੇ ਦਿਲ ਦੀ ਹੂਕ ਹੈ!!!

ਸਮਾਪਤ




Print this post

4 comments:

Harjit said...

Hanji veer jee, Maa na mare kesey dee vee per jaanna sabh ney haeyga!

Abhas Verma said...

wow nice blog that also in gurumukhi script great.Great work sir, i salute you. hope u would like to visit mine also
http://numismatology-abhas.blogspot.com/

Unknown said...

veer ji,tuhadi rachna behad shlaghayog hai.ik sau putt ton maa tan sirf umeed hi kar sakdi si,par,tusi apni maa di us umeed nu yakin wich badlea,eh apna sarea da maa-baap prti farz hai,ehsaan nhi.
SARBJIT K.GILL,bathinda,punjab

ALI said...

SSA Sir,
sir g jo tusi shabadan de motiyan di ih mala paroyi hai is nu parauna har kisse de vas dil gal nahi hai g. Ih nu pad k insaan nu maa de vichhdan de asli dukh da ehsaas hunda hai. main tuhadi is rachna nu parnam karda ha.

Arshad Ali

Post a Comment